12 ਅਗਸਤ ਫਿਰੋਜ਼ਪੁਰ(ਦ ਪੰਜਾਬ ਰਿਪੋਰਟ, ਕ੍ਰਿਸ਼ਨ ਜੈਨ) :- ਜ਼ਿਲ੍ਹਾ ਲਾਇਬ੍ਰੇਰੀ ਫਿਰੋਜ਼ਪੁਰ ਦੇ ਪਾਸਾਰ ਅਤੇ ਡਿਜ਼ਲੀਟਾਈਜੇਸ਼ਨ ਲਈ ਯਤਨਸ਼ੀਲ ਲਾਇਬ੍ਰੇਰੀ ਵੈੱਲਫੇਅਰ ਸੁਸਾਇਟੀ ਲਾਇਬ੍ਰੇਰੀ ਵਿੱਚ ਗੁਣਾਤਮਕ ਸੁਧਾਰ ਕਰਨ ਲਈ ਨਿਰੰਤਰ ਕੰਮ ਕਰ ਰਹੀ ਹੈ ਅਤੇ ਹਰ ਹਫ਼ਤੇ ਨੂੰ ਸੁਸਾਇਟੀ ਦੇ ਮੈਂਬਰਾਂ ਦੀ ਮੀਟਿੰਗ ਹੁੰਦੀ ਹੈ । ਇਸ ਮੀਟਿੰਗ ਵਿੱਚ ਇਲਾਕੇ ਵਿੱਚੋਂ ਕੋਈ ਨਾ ਕੋਈ ਵਿਅਕਤੀ ‘ਰੀਡਰ ਆਫ ਦਾ ਡੇ’ ਵਜੋਂ ਸ਼ਾਮਲ ਹੁੰਦਾ ਹੈ । ਇਸੇ ਲੜੀ ਤਹਿਤ ਜ਼ਿਲ੍ਹਾ ਲਾਇਬ੍ਰੇਰੀ ਵੈੱਲਫੇਅਰ ਸੁਸਾਇਟੀ ਫ਼ਿਰੋਜ਼ਪੁਰ ਦੇ ਮੈਂਬਰਾਂ ਵੱਲੋਂ ਅੱਜ ਹਫਤਾਵਾਰੀ ਮੀਟਿੰਗ ਵਿੱਚ ਦਿੱਤੇ ਸੱਦੇ ਤਹਿਤ ‘ਰੀਡਰ ਆਫ ਦਾ ਡੇ’ ਵਜੋਂ ਉੱਘੇ ਸਮਾਜ ਸੇਵੀ ਸ਼੍ਰੀ ਵਿਪੁਲ ਨਾਰੰਗ ਖਾਸ ਤੌਰ ‘ਤੇ ਪਹੁੰਚੇ। ਇਸ ਮੌਕੇ ‘ਤੇ ਸੁਸਾਇਟੀ ਦੇ ਮੈੰਬਰਾਂ ਵੱਲੋੰ ਉਹਨਾਂ ਦਾ ਇੱਕ ਪੁਸਤਕ ਭੇਂਟ ਕਰਕੇ ਸੁਆਗਤ ਕੀਤਾ ਗਿਆ । ਸ਼੍ਰੀ ਵਿਪੁਲ ਨਾਰੰਗ ਨੇ ਲਾਇਬ੍ਰੇਰੀ ਦੀ ਪੁਸਤਕਾਂ ਨੂੰ ਦੇਖਦੇ ਹੋਏ ਕਿਹਾ ਕਿ ਇਹ ਬਹੁਤ ਹੀ ਮੁੱਲਵਾਨ ਪੁਸਤਕਾਂ ਦਾ ਭੰਡਾਰ ਹੈ ਅਤੇ ਲੋੜ ਹੈ ਕਿ ਇਹਨਾਂ ਪੁਸਤਕਾਂ ਨਾਲ਼ ਲੋਕਾਂ ਨੂੰ ਜੋੜਿਆ ਜਾਵੇ । ਉਹਨਾਂ ਨੇ ਲਾਇਬ੍ਰੇਰੀ ਲਈ ਹਰ ਤਰਾਂ ਦਾ ਵੱਡਮੁੱਲਾ ਯੋਗਦਾਨ ਦੇਣ ਦਾ ਵਾਅਦਾ ਕੀਤਾ।
ਵਿਪਨ ਕੁਮਾਰ ਪ੍ਰਸ਼ਾਸਕ ਵਿਵੇਕਾਨੰਦ ਵਰਲਡ ਸਕੂਲ ਫ਼ਿਰੋਜ਼ਪੁਰ ਨੇ ਪੁਸਤਕ ਸਭਿਆਚਾਰ ਦੀ ਅਹਿਮੀਅਤ ਪ੍ਰਗਟ ਕਰਦੇ ਹੋਏ ਇਹ ਵਿਚਾਰ ਰੱਖਿਆ ਕਿ ਇਸ ਲਾਇਬ੍ਰੇਰੀ ਦਾ ਸੁਧਾਰ ਕਰਨਾ ਇੱਕ ਵੱਡਾ ਸਮਾਜਿਕ ਕਾਰਜ ਹੋਵੇਗਾ ਜਿਸ ਲਈ ਸਾਰੇ ਲੋਕਾਂ ਅੱਗੇ ਆ ਕੇ ਹਰ ਤਰੀਕੇ ਨਾਲ਼ ਸੰਭਵ ਸਹਾਇਤਾ ਕਰਨ ਦੀ ਜ਼ਰੂਰਤ ਹੈ । ਡਾ. ਐੱਸ. ਐੱਨ. ਰੁਦਰਾ (ਡਾਇਰੈਕਟਰ ਵਿਵੇਕਾਨੰਦ ਵਰਲਡ ਸਕੂਲ) ਨੇ ਆਸ ਪ੍ਰਗਟ ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸ਼ਹਿਰ ਦੇ ਕੁਝ ਲੋਕ ਇਸ ਸੁਹਿਰਦ ਕਾਰਜ ਵਿੱਚ ਮਦਦ ਕਰਨ ਲਈ ਪਹਿਲਕਦਮੀ ਕਰ ਰਹੇ ਹਨ ।
ਇਸ ਕਾਰਜ ਦੇ ਕੋਆਰਡੀਨੇਸ਼ਨ ਲਈ ਸ਼੍ਰੀ ਗੌਰਵ ਸਾਗਰ ਭਾਸਕਰ (ਚੇਅਰਮੈਨ ਵਿਵੇਕਾਨੰਦ ਵਰਲਡ ਸਕੂਲ)ਸਰਗਰਮ ਭੂਮਿਕਾ ਨਿਭਾ ਰਹੇ ਹਨ । ਇਸ ਮੌਕੇ ‘ਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸੰਧੂ, ਖੋਜ ਅਫ਼ਸਰ ਦਲਜੀਤ ਸਿੰਘ, ਲੈਕ. ਦਵਿੰਦਰ ਨਾਥ, ਸੁਰਿੰਦਰ ਕੁਮਾਰ ਅਤੇ ਵਿਜੈ ਕੁਮਾਰ ਵੀ ਹਾਜ਼ਰ ਸਨ ।