November 23, 2024

ਵੋਟਰਾਂ ਨੂੰ ਹੱਕ ‘ਚ ਭੁਗਤਨ ਲਈ ਦਬਾਅ ਬਣਾਉਣਾ ‘ਆਪ’ ਦੀ ਚਿੰਤਾ ਦਾ ਪਰਦਾਫਾਸ਼ ਕਰਦਾ ਹੈ: ਵੜਿੰਗ

ਦ ਪੰਜਾਬ ਰਿਪੋਰਟ ਜਲੰਧਰ :- ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਆਪਣੀ ਸਪੱਸ਼ਟ ਹਾਰ ਤੋਂ ਚਿੰਤਤ ‘ਆਪ’ ਸਰਪੰਚਾਂ ਅਤੇ ਹੋਰਨਾਂ ਪਾਰਟੀਆਂ ਦੇ ਆਗੂਆਂ ਨੂੰ ਡਰਾ ਧਮਕਾ ਰਹੀ ਹੈ।

ਵਿਰੋਧੀ ਧਿਰ ਦੇ ਆਗੂਆਂ ਨੂੰ ਚੁੱਪ ਕਰਵਾਉਣ ਲਈ ਸੱਤਾਧਾਰੀ ਧਿਰ ਦੀ ਨਿੰਦਾ ਕਰਦਿਆਂ ਸੂਬਾ ਪ੍ਰਧਾਨ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਵੱਖ-ਵੱਖ ਹਲਕਿਆਂ ਦੇ ਪੰਚਾਂ, ਸਰਪੰਚਾਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਅਹੁਦੇਦਾਰਾਂ ‘ਤੇ ਭੈੜੇ ਦੋਸ਼ ਲਗਾ ਰਹੀ ਹੈ।

ਕਾਂਗਰਸ ਪ੍ਰਧਾਨ ਨੇ ਅੱਜ ਆਮ ਆਦਮੀ ਪਾਰਟੀ ਵੱਲੋਂ ਸਰਪੰਚ ਨੂੰ ਝੂਠੇ ਤੌਰ ‘ਤੇ ਆਪ ਵਿੱਚ ਸ਼ਾਮਿਲ ਕਰਨ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ “ਇਹ ਚਾਲਬਾਜ਼ ਗਤੀਵਿਧੀਆਂ ਆਮ ਆਦਮੀ ਪਾਰਟੀ ਦੀ ਚਿੰਤਾ ਨੂੰ ਬੇਨਕਾਬ ਕਰਦੀਆਂ ਹਨ। ਆਪਣੀਆਂ ਅਸਫਲਤਾਵਾਂ, ਝੂਠੀਆਂ ਗਰੰਟੀਆਂ ਅਤੇ ਜਲੰਧਰ ਉਪ ਚੋਣ ਵਿੱਚ ਸਪੱਸ਼ਟ ਹਾਰ ਦੇ ਕਾਰਨ, ‘ਆਪ’ ਵੋਟਰਾਂ ਨੂੰ ਗੁੰਮਰਾਹ ਕਰਨ ਅਤੇ ਆਪਣੀ ਝੂਠੀ ਹਉਮੈ ਨੂੰ ਸੰਤੁਸ਼ਟ ਕਰਨ ਲਈ ਹੇਰਾਫੇਰੀ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਦਾਅਵਾ ਕਰਦਿਆਂ ਕਿ ਸਰਕਾਰ ਨੂੰ ਦਿੱਲੀ ਤੋਂ ਦੂਰ-ਦੁਰਾਡੇ ਤੋਂ ਚਲਾਇਆ ਜਾ ਰਿਹਾ ਹੈ, ਵੜਿੰਗ ਨੇ ਕਿਹਾ ਸੂਬੇ ਵਿੱਚ ਪੂਰੀ ਤਰ੍ਹਾਂ ਨਾਲ ਅਰਾਜਕਤਾ ਦਾ ਮਾਹੌਲ ਹੈ, ਆਮ ਆਦਮੀ ਪਾਰਟੀ ਪੰਜਾਬ ਦੀ ਲੀਡਰਸ਼ਿਪ ਜ਼ਿਮਨੀ ਚੋਣ ਤੋਂ ਪਹਿਲਾਂ ਵੋਟਰਾਂ ਨੂੰ ਧੋਖਾ ਦੇਣ ਲਈ ਸਿਆਸੀ ਬਦਲਾਖ਼ੋਰੀ ਅਤੇ ਗੁੰਮਰਾਹਕੁੰਨ ਮੁਹਿੰਮਾਂ ਦਾ ਸਹਾਰਾ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਇਸ ਦੇ ਲੋਕਾਂ ਨੇ ਕਦੇ ਵੀ ਅੱਤਿਆਚਾਰਾਂ ਅੱਗੇ ਆਤਮ ਸਮਰਪਣ ਨਹੀਂ ਕੀਤਾ ਅਤੇ ਉਹ ਕਾਂਗਰਸ ਉਮੀਦਵਾਰ ਸ਼੍ਰੀਮਤੀ ਕਰਮਜੀਤ ਕੌਰ ਚੌਧਰੀ ਦੇ ਹੱਕ ਵਿੱਚ ਵੋਟ ਪਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜ਼ਰੂਰ ਸਬਕ ਸਿਖਾਉਣਗੇ।

‘ਆਪ’ ਨੇ ਸੂਬੇ ਦੀਆਂ ਮਹਿਲਾ ਵੋਟਰਾਂ ਨਾਲ ਕੀਤੇ ਵਾਅਦਿਆਂ ‘ਤੇ ਝੂਠ ਬੋਲਿਆ ਸੀ ਅਤੇ ਉਨ੍ਹਾਂ ਨੇ ਆਉਣ ਵਾਲੀਆਂ ਜ਼ਿਮਨੀ ਚੋਣਾਂ ‘ਚ ਧੋਖੇਬਾਜ਼ਾਂ ਦੀ ਪਾਰਟੀ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦੇਣ ਜਾਂ ‘ਸ਼ਗਨ ਸਕੀਮ’ ਅਤੇ ‘ਵਿਧਵਾ ਪੈਨਸ਼ਨ’ ਬੰਦ ਕਰਕੇ ਔਰਤਾਂ ਨਾਲ ਧੋਖਾ ਕੀਤਾ ਹੈ। ‘ਆਪ’ ਨੇ ਮਹਿਲਾ ਵੋਟਰਾਂ ਨੂੰ ਨਿਸ਼ਾਨਾ ਬਣਾਇਆ ਅਤੇ ‘ਬਦਲਾਅ’ ਦੇ ਨਾਂ ‘ਤੇ ਜਾਣਬੁੱਝ ਕੇ ਗੁੰਮਰਾਹ ਕੀਤਾ।

ਸ਼੍ਰੀਮਤੀ ਕਰਮਜੀਤ ਕੌਰ ਚੌਧਰੀ ਹਰ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨਗੇ। । ਕਰਮਜੀਤ ਕੌਰ ਚੌਧਰੀ ਜੀ ਦੁਆਰਾ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਕੀਤੀ ਜਾਵੇਗੀ ਅਤੇ ਹਲਕੇ ਦੀ ਤਰੱਕੀ ਅਤੇ ਹਰ ਵੋਟਰ ਦੀ ਖੁਸ਼ਹਾਲੀ ਦਾ ਧਿਆਨ ਰੱਖਿਆ ਜਾਵੇਗਾ।

Leave a Reply

Your email address will not be published. Required fields are marked *