ਦ ਪੰਜਾਬ ਰਿਪੋਰਟ ਜਲੰਧਰ :- ਆਵਾਜ਼ ਏ ਕੌਮ, ਸਮੂਹ ਸਿੱਖ ਜਥੇਬੰਦੀਆਂ, ਮੁਸਲਿਮ ਜਥੇਬੰਦੀਆਂ, ਦਲਿਤ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਵਲੋਂ ਸਾਂਝੇ ਤੌਰ ‘ਤੇ ਭਾਰਤੀ ਹਕੂਮਤ ਵਲੋਂ ਮਨੀਪੁਰ ਵਿਚ ਕੀਤੇ ਜਾ ਰਹੇ ਜਬਰ ਜ਼ੁਲਮ ਤੋਂ ਪੀੜਤ ਲੋਕਾਂ ਨਾਲ ਮੁਲਾਕਾਤ ਕਰਨ ਲਈ ਮਿਤੀ 2 ਅਗਸਤ 2023 ਨੂੰ ਜੀਵਨ ਸਿੰਘ ਮੱਲ੍ਹਾ ਦੀ ਅਗਵਾਈ ਵਿੱਚ ਵਫ਼ਦ ਮਨੀਪੁਰ ਪਹੁੰਚਿਆ।
ਮਨੀਪੁਰ ਪਹੁੰਚੇ ਜੀਵਨ ਸਿੰਘ ਮੱਲ੍ਹਾ ਨੇ ਉਨ੍ਹਾਂ ਇਲਾਕਿਆਂ ਦਾ ਦੌਰਾ ਕੀਤਾ ਜਿਨ੍ਹਾਂ ਇਲਾਕਿਆਂ ਵਿੱਚ ਭੀੜ ਵਲੋਂ ਹਿੰਸਾ ਕੀਤੀ ਗਈ, ਉਨ੍ਹਾਂ ਉੱਥੋਂ ਦੇ ਪੀੜਤ ਲੋਕਾਂ ਨਾਲ ਮੁਲਾਕਾਤ ਵੀ ਕੀਤੀ। ਉਨ੍ਹਾਂ ਫ਼ੋਨ ‘ਤੇ ਗੱਲਬਾਤ ਕਰਦਿਆਂ ਦੱਸਿਆ ਕਿ ਭੀੜਾਂ ਵਲੋਂ ਮਨੀਪੁਰ ਵਿਚ ਕੁੱਕੀ ਕਬਾਈਲੀ ਦੇ ਲੋਕਾਂ ਦਾ ਬਹੁਤ ਵੱਡੇ ਪੱਧਰ ‘ਤੇ ਕਤਲੇਆਮ ਕੀਤਾ ਗਿਆ, ਘਰਾਂ ਨੂੰ, ਦੁਕਾਨਾਂ ਨੂੰ ਅੱਗਾਂ ਲਾਈਆਂ ਗਈਆਂ, ਧੀਆਂ-ਭੈਣਾਂ ਦੀ ਬੇਪੱਤੀ ਕੀਤੀ ਗਈ, ਅਨੇਕਾਂ ਹੀ ਲੋਕਾਂ ਨੂੰ ਕਤਲ ਕਰ ਦਿੱਤਾ ਗਿਆ। ਹੁਣ ਮਨੀਪੁਰ ਵਿਚ ਸਾਰੀ ਸਥਿਤੀ ਸਰਕਾਰ ਅਤੇ ਭਾਰਤੀ ਫੋਰਸਾਂ ਅਧੀਨ ਹੈ, ਕਰਫਿਊ ਲੱਗਾ ਹੋਇਆ ਹੈ ਅਤੇ ਇੰਟਰਨੈੱਟ ਸੇਵਾਵਾਂ ਬਿਲਕੁਲ ਠੱਪ ਹਨ।
ਪੰਜਾਬ ਦੀਆਂ ਜਥੇਬੰਦੀਆਂ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਜਿੱਥੇ ਵੀ ਦੱਬੇ-ਕੁਚਲੇ ਲੋਕ ਸੰਘਰਸ਼ ਕਰ ਰਹੇ ਹਨ, ਉਹ ਸੰਘਰਸ਼ ਸਿਰਫ਼ ਉਨ੍ਹਾਂ ਦਾ ਹੀ ਨਹੀਂ, ਬਲਕਿ ਸਾਡਾ ਵੀ ਹੈ। ਜਾਣਕਾਰੀ ਦਿੰਦਿਆਂ ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਸਟੇਟ ਵਲੋਂ ਮਨੀਪੁਰ ਵਿਚ ਕੀਤੇ ਜਾ ਰਹੇ ਜਬਰ ਜ਼ੁਲਮ ਦਾ ਮੁਲਾਂਕਣ ਕਰਨ ਲਈ ਮਿਤੀ 5 ਅਗਸਤ 2023 ਦਿਨ ਸ਼ਨੀਵਾਰ ਨੂੰ ਕੇ. ਐੱਲ ਸਹਿਗਲ ਮੈਮੋਰੀਅਲ ਹਾਲ, ਨੇੜੇ ਨਕੋਦਰ ਚੌਂਕ ਜਲੰਧਰ ਵਿਖੇ ਖੁੱਲ੍ਹੀ ਵਿਚਾਰ ਚਰਚਾ ਕੀਤੀ ਜਾਵੇਗੀ, ਜਿਸ ਵਿੱਚ ਮਨੀਪੁਰ ਗਿਆ ਹੋਇਆ ਵਫ਼ਦ ਆਪਣੀ ਸਾਰੀ ਗੱਲ ਸਾਂਝੀ ਕਰੇਗਾ ਅਤੇ ਵੱਖੋ-ਵੱਖ ਜਥੇਬੰਦੀਆਂ ਦੇ ਬੁਲਾਰੇ ਆਪਣੇ ਵਿਚਾਰ ਪੇਸ਼ ਕਰਨਗੇ, ਜਿਸ ਨਾਲ ਭਾਰਤੀ ਹਕੂਮਤ ਦਾ ਜ਼ੁਲਮੀ ਚਿਹਰਾ ਨੰਗਾ ਹੋਵੇਗਾ।