October 19, 2024

ਦ ਪੰਜਾਬ ਰਿਪੋਰਟ ਜਲੰਧਰ :- ਭਾਰਤੀ ਹਕੂਮਤ ਵੱਲੋਂ ਮਨੀਪੁਰ ਵਿਚ ਕੁੱਕੀ ਭਾਈਚਾਰੇ ‘ਤੇ ਕੀਤੇ ਜਾ ਰਹੇ ਜਬਰ-ਜ਼ੁਲਮ ਦਾ ਮੁਲਾਂਕਣ ਕਰਨ ਲਈ ਆਵਾਜ਼ ਏ ਕੌਮ ਵਲੋਂ ਸਮੂਹ ਸਿੱਖ, ਮੁਸਲਿਮ, ਦਲਿਤ, ਈਸਾਈ ਅਤੇ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਖੁੱਲੀ ਵਿਚਾਰ ਚਰਚਾ ਕੇ.ਐੱਲ ਸੈਗਲ ਮੈਮੋਰੀਅਲ ਹਾਲ, ਜਲੰਧਰ ਵਿਖੇ ਕੀਤੀ ਗਈ।

ਵਿਚਾਰ ਚਰਚਾ ਵਿੱਚ ਹਾਜ਼ਰੀ ਭਰਦਿਆਂ ਬਹੁਜਨ ਦ੍ਰਾਵਿੜ ਪਾਰਟੀ ਦੇ ਪ੍ਰਧਾਨ ਜੀਵਨ ਸਿੰਘ ਮੱਲ੍ਹਾ, ਸਿੱਖ ਚਿੰਤਕ ਅਜੇਪਾਲ ਸਿੰਘ ਬਰਾੜ, ਆਵਾਜ਼ ਏ ਕੌਮ ਦੇ ਆਗੂ ਪ੍ਰਭਜੋਤ ਸਿੰਘ ਨਵਾਂਸ਼ਹਿਰ, ਰਾਜਨੀਤਕ ਸਰਗਰਮ ਆਗੂ ਰਜਿੰਦਰ ਰਾਣਾ, ਐਡਵੋਕੇਟ ਮੂਬੀਨ ਫਾਰੂਕੀ, ਆਬਿਦ ਸੁਲੇਮਾਨੀ, ਹਾਮਿਦ ਮਸੀਹ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਢੀਂਗਰਾ, ਜੁਗਰਾਜ ਸਿੰਘ ਯੁਨਾਇਟੇਡ ਸਿੱਖ ਸਟੂਡੈਂਟਸ ਫੈਡਰੇਸ਼ਨ, ਆਦਿ ਬੁਲਾਰਿਆਂ ਨੇ ਸੰਬੌਧਨ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ।

ਮਨੀਪੁਰ ਵਿਚ ਭਾਰਤ ਸਟੇਟ ਵਲੋਂ ਕੀਤੇ ਜਾ ਰਹੇ ਜਬਰ-ਜ਼ੁਲਮ ਦੀ ਮਾਰ ਹੇਠ ਆਏ ਇਲਾਕਿਆਂ ਦਾ ਦੌਰਾ ਕਰਕੇ ਆਏ ਬਹੁਜਨ ਦ੍ਰਾਵਿੜ ਪਾਰਟੀ ਦੇ ਪ੍ਰਧਾਨ ਜੀਵਨ ਸਿੰਘ ਮੱਲ੍ਹਾ ਨੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਮਨੀਪੁਰ ਵਿਚ ਭਾਰਤੀ ਹਕੂਮਤ ਨੇ ਜਬਰ ਜ਼ੁਲਮ ਕਰਦਿਆਂ ਹੋਇਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ, ਭਾਰਤ ਹਕੂਮਤ ਦੇ ਏਜੰਡੇ ‘ਤੇ ਕੰਮ ਕਰਨ ਵਾਲੀ ਹਿੰਦੂਤਵੀ ਭੀੜ ਦੀ ਹੈਵਾਨੀਅਤ ਅਤੇ ਦਰਿੰਦਗੀ ਇਸ ਪੱਧਰ ਤੱਕ ਪਹੁੰਚ ਗਈ ਕਿ ਉਨ੍ਹਾਂ ਨੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ, ਭੀੜ ਨੇ ਔਰਤਾਂ ਨੂੰ ਨਿਰਵਸਤਰ ਕਰਕੇ ਸ਼ਰੇਆਮ ਬਜ਼ਾਰ ਵਿੱਚ ਘੁਮਾਇਆ, ਬਲਾਤਕਾਰ ਕੀਤੇ ਗਏ ਅਤੇ ਬਾਅਦ ‘ਚ ਕਤਲ ਕਰ ਦਿੱਤਾ ਗਿਆ, ਕੁੱਕੀ ਸਮਾਜ ਦੇ ਘਰਾਂ ਨੂੰ, ਦੁਕਾਨਾਂ ਨੂੰ ਅੱਗਾਂ ਲਾ ਦਿੱਤੀਆਂ ਗਈਆਂ, ਅਨੇਕਾਂ ਲੋਕਾਂ ਨੂੰ ਕਤਲ ਕਰ ਦਿੱਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਸਰਕਾਰ ਦੇ ਰਾਜ ਵਾਲੇ ਮਨੀਪੁਰ ਵਿਚ ਅਸੀਂ ਪਿਛਲੇ ਦਿਨੀਂ ਦੌਰਾ ਕਰਕੇ ਆਏ ਹਾਂ, ਮਨੀਪੁਰ ਵਿੱਚ ਹਰ ਪਾਸੇ ਧਮਾਕਿਆਂ ਦੀ ਅੱਗ ਅਤੇ ਧੂੰਆਂ ਹੀ ਨਜ਼ਰ ਆਉਂਦਾ ਹੈ, ਹਰ ਪਾਸੇ ਗੋਲ਼ੀਆਂ ਅਤੇ ਧਮਾਕਿਆਂ ਦੀ ਆਵਾਜ਼ ਆਉਂਦੀ ਹੈ, ਹਰ ਪਾਸੇ ਕੁੱਕੀ ਭਾਈਚਾਰੇ ਦੇ ਲੋਕਾਂ ਦੀਆਂ ਲਾਸ਼ਾਂ ਨਜ਼ਰ ਆਉਂਦੀਆਂ ਹਨ ਅਤੇ ਉੱਥੇ ਦਾ ਮਾਹੌਲ ਪੂਰੀ ਤਰ੍ਹਾਂ ਭਾਰਤ ਸਟੇਟ ਦੇ ਕਬਜ਼ੇ ਵਿਚ, ਕਰਫਿਊ ਲੱਗਾ ਹੋਇਆ ਹੈ ਅਤੇ ਇੰਟਰਨੈੱਟ ਸੇਵਾਵਾਂ ਠੱਪ ਹਨ।

ਜਥੇਬੰਦੀਆਂ ਦੇ ਬੁਲਾਰਿਆਂ ਨੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਮਨੀਪੁਰ ਵਿਚ ਭਾਰਤ ਵਲੋਂ ਕੀਤੇ ਜਾ ਰਹੇ ਜਬਰ-ਜ਼ੁਲਮ ਨੂੰ ਸਮਝਣ ਲਈ ਸਾਨੂੰ ਬ੍ਰਾਹਮਣਵਾਦੀ ਬਿੱਪਰ ਸੰਸਕਾਰੀ ਹਿੰਦੂਤਵੀ ਸਟੇਟ ਦੇ ਏਜੰਡੇ ਨੂੰ ਸਮਝਣਾ ਪਵੇਗਾ, ਇਸ ਭਾਰਤ ਸਟੇਟ ਦਾ ਮੁੱਖ ਮਕਸਦ ਘੱਟ ਗਿਣਤੀਆਂ ਕੌਮਾਂ ਨੂੰ ਜਾਂ ਤਾਂ ਖ਼ਤਮ ਕਰਨਾ ਜਾਂ ਉਨ੍ਹਾਂ ਨੂੰ ਹਿੰਦੂਆਂ ਵਿੱਚ ਸ਼ਾਮਲ ਕਰਨਾ ਹੈ਼। ਭਾਰਤੀ ਹਕੂਮਤ ਨੇ ਪਹਿਲਾਂ ਬੁੱਧ ਧਰਮ ਨੂੰ ਖ਼ਤਮ ਕੀਤਾ, ਉਨ੍ਹਾਂ ਦੇ ਮੱਠ ਢਾਹੇ ਗਏ, ਜੈਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ, ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ, ਸਿੱਖਾਂ ਦੇ ਪਵਿੱਤਰ ਅਤੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕੀਤਾ ਗਿਆ, ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹਿਆ ਗਿਆ, ਦਿੱਲੀ ਸਮੇਤ ਕਈ ਸੂਬਿਆਂ ਵਿਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਮੁਸਲਿਮ ਧਰਮ ਦੇ ਪਵਿੱਤਰ ਅਸਥਾਨ ਬਾਬਰੀ ਮਸਜਿਦ ਨੂੰ ਢਾਹ ਕੇ ਰਾਮ ਮੰਦਰ ਬਣਾਇਆ ਗਿਆ, ਗੁਜਰਾਤ ਵਿਚ ਈਸਾਈਆਂ ਦਾ ਕਤਲੇਆਮ ਕੀਤਾ ਗਿਆ, ਚਰਚਾਂ ਨੂੰ ਅੱਗਾਂ ਲਾਈਆਂ ਗਈਆਂ। ਉਨ੍ਹਾਂ ਕਿਹਾ ਕਿ ਮਨੀਪੁਰ ਵਿਚ ਹੋ ਰਹੀਆਂ ਜਬਰ ਜ਼ੁਲਮ ਦੀਆਂ ਘਟਨਾਵਾਂ ਭਾਰਤ ਸਟੇਟ ਦੀ ਡੂੰਘੀ ਸਾਜ਼ਿਸ਼ ਦਾ ਹਿੱਸਾ ਹਨ।

ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਉਚੇਚੇ ਤੌਰ ‘ਤੇ ਇਹ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਿੱਖ, ਮੁਸਲਿਮ, ਇਸਾਈ, ਦਲਿਤ ਇਕੱਠੇ ਹੋ ਕੇ ਇਸ ਬ੍ਰਾਹਮਣਵਾਦੀ ਹਕੂਮਤ ਖਿਲਾਫ਼ ਸੰਘਰਸ਼ ਕਰਨਗੇ।

ਇਸ ਮੌਕੇ ਜਥੇਦਾਰ ਬਾਬਾ ਗੁਰਚਰਨ ਸਿੰਘ ਜੀ ਤਰਨਾ ਦਲ ਹਰਜਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਏਕਤਾ ਵਿਹਾਰ ਬਾਬਾ ਦੀਪ ਸਿੰਘ ਸੇਵਾ ਮਿਸ਼ਨ ਤੋਂ ਜਤਿੰਦਰ ਪਾਲ ਸਿੰਘ ਮਝੈਲ ਬਲਦੇਵ ਸਿੰਘ ਗਤਕਾ ਮਾਸਟਰ ਜਲੰਧਰ ਦੀਆਂ ਸਿੰਘ ਸਭਾਵਾਂ ਤੋਂ ਗੁਰਮੀਤ ਸਿੰਘ ਬਿੱਟੂ ਗੁਰਿੰਦਰ ਸਿੰਘ ਮਝੈਲ ਅਮਨਜੋਤ ਸਿੰਘ ਕੰਵਲਚਰਨਜੀਤ ਸਿੰਘ ਜਸਕਰਨ ਸਿੰਘ ਜਸਵੰਤ ਸਿੰਘ ਸੁਭਾਨਾ ਸੁਖਜੀਤ ਸਿੰਘ ਡਰੋਲੀ ਮਨਜੀਤ ਸਿੰਘ ਰੇਰੂ ਬਘੇਲ ਸਿੰਘ ਬਲਵਿੰਦਰ ਕੁਮਾਰ ਮੱਧੂ ਰਚਨਾ ਲਲਿਤ ਅੰਬੇਡਕਰ ਆਦਿ ਹਾਜ਼ਰ ਸਨ।

 

Leave a Reply

Your email address will not be published. Required fields are marked *