ਜਲੰਧਰ 10 ਮਈ(ਦ ਪੰਜਾਬ ਰਿਪੋਰਟ) :- ਸਾਈਬਰ ਧੋਖਾਧੜੀ ਖਿਲਾਫ਼ ਵੱਡੇ ਪੱਧਰ ’ਤੇ ਜਾਗਰੂਕਤਾ ਦੀ ਲੋੜ ’ਤੇ ਜ਼ੋਰ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਵਲੋਂ ਲੋਕਾਂ ਨੂੰ ਸਾਈਬਰ ਵਿੱਤੀ ਧੋਖਾਧੜੀ ਖਿਲਾਫ਼ ਜਾਗਰੂਕ ਕਰਨ ਲਈ ਵਿਸ਼ੇਸ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਜਾਗਰੂਕਤਾ ਪੋਸਟਰ ਜਾਰੀ ਕਰਦਿਆਂ ਪੁਲਿਸ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਈਬਰ ਧੋਖਾਧੜੀ ਦੇ ਕੇਸ ਸਬੰਧੀ ਤੁਰੰਤ 1930 (ਸਿਟੀਜਨ ਫਾਈਨੈਂਸੀਅਲ ਸਾਈਬਰ ਫਰਾਊਡ ਰਿਪੋਟਿੰਗ ਅਤੇ ਮੇਨੈਜਮੈਂਟ) ਹੈਲਪਲਾਈਨ ਨੰਬਰ ਮਿਲਾਇਆ ਜਾਵੇ। ਉਨ੍ਹਾਂ ਦੱਸਿਆ ਕਿ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ’ਤੇ ਸੀਐਫਆਰਐਮਐਸ ਪੋਰਟਲ ਬਣਾਇਆ ਗਿਆ ਹੈ ਜਿਸ ਨੂੰ ਸਟੇਟ ਸਾਈਬਰ ਸੈਲ ਵਲੋਂ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਈਬਰ ਧੋਖਾਧੜੀ ਸਬੰਧੀ ਰਿਪੋਰਟ ਮਿਲਣ ’ਤੇ ਤੁਰੰਤ ਸਪੈਸ਼ਲ ਸੈਲ ਦੇ ਅਧਿਕਾਰੀਆਂ ਵਲੋਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਈਬਰ ਧੋਖਾਧੜੀ ਸਬੰਧੀ ਅਨੇਕਾਂ ਮਾਮਲੇ ਦੇਖੇ ਜਾ ਸਕੇ ਹਨ ਪਰ ਚੌਕਸ ਰਹਿੰਦਿਆਂ ਸਾਈਬਰ ਧੋਖਾਧੜੀ ਨੂੰ ਰੋਕਿਆ ਜਾ ਸਕਦਾ ਹੈ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਹੈਲਪਲਾਈਨ ਨੰਬਰ 1930 ਰਾਹੀਂ ਪੋਰਟਲ ’ਤੇ ਜਾਣਕਾਰੀ ਮਿਲਣ ਤੋਂ ਬਾਅਦ ਸ਼ਿਕਾਇਤਕਰਤਾ ਨੂੰ ਘਟਨਾ ਸਬੰਧੀ ਮੁਕੰਮਲ ਜਾਣਕਾਰੀ website http://cybercrime.gov.in. ’ਤੇ ਭੇਜਣ ਲਈ ਕਿਹਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਮਾਮਲੇ ਨੂੰ ਅਗਲੇਰੀ ਪੜਤਾਲ ਲਈ ਸਟੇਟ ਸਾਈਬਰ ਸੈਲ ਨੂੰ ਰੈਫਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ ਉਪਰੰਤ ਮਾਮਲੇ ਨੂੰ ਸਬੰਧਿਤ ਬੈਂਕ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਕਿ ਇਸ ਬੈਂਕ ਖਾਤੇ ਵਿੱਚ ਹੋਏ ਅਦਾਨ-ਪ੍ਰਦਾਨ ਨੂੰ ਤੁਰੰਤ ਬੰਦ ਕਰ ਦਿੱਤਾ ਜਾਵੇ ਤਾਂ ਜੋ ਲੋਕਾਂ ਵਲੋਂ ਸਖ਼ਤ ਮਿਹਨਤ ਨਾਲ ਕਮਾਏ ਗਏ ਪੈਸਿਆ ਨੁੂੰ ਬਚਾਇਆ ਜਾ ਸਕੇ।
ਪੁਲਿਸ ਕਮਿਸ਼ਨਰ ਨੇ ਇਹ ਵੀ ਜ਼ਿਕਰ ਕੀਤਾ ਕਿ ਜਾਗਰੂਕਤਾ ਪੋਸਟਰਾਂ ਨੂੰ ਜਨਤਕ ਥਾਵਾਂ ਦੇ ਨਾਲ-ਨਾਲ ਵਿਭਾਗ ਦੇ ਅਦਾਰਿਆਂ ਵਿੱਚ ਵੀ ਲਗਾਇਆ ਜਾਵੇਗਾ ਤਾਂ ਜੋ ਇਥੇ ਆਉਣ ਵਾਲੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਏ.ਸੀ.ਪੀ. ਸਾਈਬਰ ਕ੍ਰਾਈਮ ਕਰਨ ਸਿੰਘ ਸੰਧੂ ਦੀ ਦੇਖ-ਰੇਖ ਵਿੱਚ ਸਪੈਸ਼ਲ ਸਾਈਬਰ ਸੈਲ ਵੀ ਬਣਾਇਆ ਗਿਆ ਹੈ ਜਿਸ ਦੀ ਨਿਗਰਾਨੀ ਏ.ਡੀ.ਸੀ.ਪੀ. ਪੱਧਰ ਦੇ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਸਾਈਬਰ ਸੈਲ ’ਤੇ 187 ਸ਼ਿਕਾਇਤਾਂ ਪ੍ਰਾਪਤ ਹੋ ਚੁੱਕੀਆ ਹਨ ਜਿਸ ਵਿਚੋਂ 78 ਓ.ਟੀ.ਪੀ. ਸਾਂਝਾ ਕਰਨ, 12 ਏ.ਟੀ.ਐਮ.ਤੋਂ ਪੈਸੇ ਕੱਢਵਾਉਣ, 14 ਝੂਠੀਆਂ ਕਾਲਾਂ, 25 Çਲੰਕ/ਅਪਲਾਈਡ ਅਤੇ 33 ਹੋਰ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਸਾਈਬਰ ਸੈਲ ਵਲੋਂ ਇਨ੍ਹਾਂ ਸ਼ਿਕਾਇਤਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਪਰ ਅਜਿਹੇ ਜੁਰਮਾਂ ਵਿਰੁੱਧ ਲੋਕਾਂ ਵਿੱਚ ਜਾਗਰੂਕਤਾ ਅਜਿਹੀਆਂ ਘਟਨਾਵਾਂ ਦੀ ਰੋਕਥਾਮ ਵਿੱਚ ਵੱਡੀ ਭੂਮਿਕਾ ਨਿਭਾ ਸਕਦੀ ਹੈ।
ਵੀਡੀਓ ਦੇਖਣ ਲਈ ਨੀਚੇ ਕਲਿਕ ਕਰੋ