November 21, 2024

9 ਜੂਨ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਚਾਓ ਰੈਲੀ ਵਿਚ ਹੋਵੇਗੀ ਭਰਵੀਂ ਸ਼ਮੂਲੀਅਤ

6 ਜੂਨ(ਦ ਪੰਜਾਬ ਰਿਪੋਰਟ) :- ਅੱਜ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੀ ਸੂਬਾ ਐਡ ਹਾਕ ਕਮੇਟੀ ਦੀ ਮੀਟਿੰਗ ਸਰਵਨ ਸਿੰਘ ਚੀਮਾ ਭਵਨ ਜਲੰਧਰ ਵਿਖੇ ਕੀਤੀ ਗਈ ਇਸ ਮੀਟਿੰਗ ਦੀ ਪ੍ਰਧਾਨਗੀ ਸੂਬਾ ਕੋ-ਕਨਵੀਨਰ ਹਰਜਿੰਦਰ ਕੌਰ ਗੋਲੀ ਵੱਲੋਂ ਕੀਤੀ ਗਈ। ਮੀਟਿੰਗ ਦੇ ਫੈਂਸਲੇ ਪ੍ਰੈਸ ਨਾਲ ਸਾਂਝੇ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਅਜੋਕੀਆਂ ਸਰਕਾਰਾਂ ਭਾਵੇਂ ਉਹ ਸੂਬੇ ਦੀ ਹੋਵੇ ਜਾਂ ਕੇਂਦਰ ਦੀ ਕਿਸੇ ਦੇ ਵੀ ਏਜੰਡੇ ਉਪਰ ਸਿੱਖਿਆ ਨਹੀਂ ਹੈ।

ਜਿੱਥੇ ਪੰਜਾਬ ਦੀ ਨਵੀਂ ਚੁਣੀ ਸਰਕਾਰ ਸਰਕਾਰੀ ਸਕੂਲਾਂ ਦੇ ਵਿੱਚ ਨਵੇੰ ਸੈਸ਼ਨ ਲਈ ਹਾਲੇ ਤੱਕ ਕਿਤਾਬਾਂ ਮੁਹੱਈਆ ਨਹੀਂ ਕਰਾ ਸਕੀ ਅਤੇ ਨਾਂ ਹੀ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਭਰਤੀਆਂ ਪੂਰੀਆਂ ਕਰ ਰਹੀ ਹੈ, ਜਿਸ ਕਾਰਨ ਵਿਦਿਆਰਥੀ ਵਰਗ ਦਾ ਵੱਡਾ ਹਿੱਸਾ ਚੰਗੀ ,ਮਿਆਰੀ ਅਤੇ ਮੁਫ਼ਤ ਸਿੱਖਿਆ ਖੇਤਰ ਵਿੱਚੋਂ ਬਾਹਰ ਹੁੰਦਾ ਜਾ ਰਿਹਾ,ਉੱਥੇ ਹੀ ਸਿੱਖਿਆ ਨੂੰ ਵੱਡੀਆਂ ਕਾਰਪੋਰੇਟ ਕੰਪਨੀਆਂ ਦੀ ਝੋਲੀ ਵਿਚ ਪਾਉਣ,ਨਿੱਤ ਦਿਹਾੜੇ ਆਨਲਾਈਨ ਸਿੱਖਿਆ ਦੇ ਬਹਾਨੇ ਨਾਲ ਸਿੱਖਿਆ ਦਾ ਪੱਧਰ ਨੀਵਾਂ ਕੀਤਾ ਜਾ ਰਿਹਾ ਹੈ, ਉੱਥੇ ਉਚੇਰੀ ਸਿੱਖਿਆ ਦਾ ਬੁਰਾ ਹਾਲ ਹੈ।

ਪੰਜਾਬ ਦੇ ਸਰਕਾਰੀ ਕਾਲਜ ਪ੍ਰੋਫ਼ੈਸਰਾਂ ਵਾਜੋਂ ਖ਼ਾਲੀ ਹੋ ਚੁੱਕੇ ਹਨ, ਇਮਾਰਤਾਂ ਖੰਡਰ ਹੋ ਚੁੱਕੀਆੰ ਹਨ ਅਤੇ ਸਰਕਾਰ ਕੋਈ ਫੰਡ ਮੁਹੱਈਆ ਨਹੀਂ ਕਰਵਾ ਰਹੀ। ਇੰਨ-ਬਿੰਨ ਹਾਲਾਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਹੈ, ਜਿਸ ਨੂੰ ਚੱਲਣ ਲਈ ਇੱਕ ਮਹੀਨੇ ਵਿੱਚ ਤੀਹ ਕਰੋੜ ਗਰਾਂਟ ਚਾਹੀਦੀ ਹੈ ਪਰ ਨਾਂ ਤਾਂ ਪਿਛਲੀਆਂ ਸਰਕਾਰਾਂ ਤੇ ਨਾਂ ਹੀ ਅਜੋਕੀ ਪੰਜਾਬ ਸਰਕਾਰ ਫੰਡ ਮੁਹੱਈਆ ਕਰਵਾ ਰਹੀ ਹੈ।ਇਸ ਤੋਂ ਸਪਸ਼ਟ ਹੁੰਦਾ ਹੈ ਕਿ ਪੰਜਾਬ ਸਰਕਾਰ ਸਿੱਖਿਆ ਦੇ ਨਿੱਜੀਕਰਨ ਦੀ ਨੀਤੀ ਉਪਰ ਪਹਿਰਾ ਦੇ ਰਹੀ ਹੈ ਅਤੇ ਦੂਜੇ ਪਾਸੇ ਕੇਂਦਰ ਸਰਕਾਰ ਨਵੀਂ ਸਿੱਖਿਆ ਨੀਤੀ ਰਾਂਹੀ ਸਿੱਖਿਆ ਦੇ ਕੇਂਦਰੀਕਰਨ ਨਿੱਜੀਕਰਨ ਅਤੇ ਫਿਰਕੂਪੁਣੇ ਦੇ ਰਾਹ ਉਪਰ ਪੈਂਦੇ ਹੋਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜੋ ਕਿ ਪੰਜਾਬ ਦੇ 22 ਪਿੰਡ ਉਜਾੜ ਕੇ ਬਣੇ ਚੰਡੀਗੜ੍ਹ ਦੀ ਧਰਤੀ ਉਪਰ ਪੰਜਾਬੀ ਵਿਰਸੇ ਸੱਭਿਆਚਾਰ ਅਤੇ ਇਸਦੇ ਇਤਿਹਾਸ ਉਪਰ ਖੋਜ ਕਰਨ ਲਈ ਅਤੇ ਪੰਜਾਬ ਦੇ ਵਿਦਿਆਰਥੀਆਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਬਣੀ ਹੋਈ ਹੈ ਅਤੇ ਜਿਸ ਅਧੀਨ ਸਾਰੇ ਕਾਲਜ ਪੰਜਾਬ ਵਿੱਚ ਹਨ , ਉਸਦਾ ਕੇਂਦਰੀਕਰਨ ਕਰਨ ਦੇ ਰਾਹ ਉਪਰ ਹੈ ਅਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਕੇਂਦਰ ਦੇ ਹੱਕ ਵਿੱਚ ਬਿਆਨ ਜਿਸ ਵਿਚ ਉਸਨੇ ਕਿਹਾ ਹੈ ਕਿ 30 ਅਗਸਤ ਤੱਕ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਆਪਣੇ ਅਧੀਨ ਕਰੇ, ਜਿਸ ਤੋਂ ਬਾਅਦ ਕੇਂਦਰ ਸਰਕਾਰ ਪੱਬਾਂ ਭਾਰ ਹੈ ਅਤੇ ਪੰਜਾਬ ਸਰਕਾਰ ਬੇਸ਼ਰਮ ਹੋ ਕੇ ਇਸ ਉਪਰ ਚੁੱਪ ਧਾਰੀ ਬੈਠੀ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਆਪ ਅਤੇ ਬੀਜੇਪੀ ਦੀਆਂ ਨੀਤੀਆਂ ਵਿੱਚ ਕੋਈ ਫਰਕ ਨਹੀਂ।

ਇਸ ਦੇ ਖ਼ਿਲਾਫ਼ ਪੰਜਾਬ ਦੀਆਂ 9 ਵਿਦਿਆਰਥੀ ਜਥੇਬੰਦੀਆਂ ਵੱਲੋਂ ਸਾਂਝੇ ਤੌਰ ‘ਤੇ ਮੋਹਾਲੀ ਵਿਖੇ ਰੈਲੀ ਕੀਤੀ ਜਾਵੇਗੀ ਜਿਸ ਵਿਚ ਪੰਜਾਬ ਸਟੂਡੈਂਟਸ ਫੈਡਰੇਸ਼ਨ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰੇਗੀ। ਇਸੇ ਦੌਰਾਨ ਸੂਬਾਈ ਕਨਵੀਨਰ ਗਗਨਦੀਪ ਸਿੰਘ ਨੇ ਦੱਸਿਆ ਕਿ ਪੂਰੇ ਪੰਜਾਬ ਦੀ ਜੁਝਾਰੂ ਜਥੇਬੰਦੀ “ਪੰਜਾਬ ਸਟੂਡੈਂਟਸ ਫੈਡਰੇਸ਼ਨ” ਵਲੋਂ ਪੂਰੇ ਪੰਜਾਬ ਵਿਚ ਚੰਗੀ ਅਤੇ ਮੁਫ਼ਤ ਸਿੱਖਿਆ ਦੇ ਮੁੱਦੇ ਨੂੰ ਲੈ ਕੇ ਮੈਂਬਰਸ਼ਿਪ ਕੀਤੀ ਜਾਵੇਗੀ।

ਇਸ ਮੌਕੇ ਬਲਦੇਵ ਸਾਹਨੀ , ਦਵਿੰਦਰ ਸਿੰਘ ਰੋਪੜ, ਨਿਸ਼ਾ ਸੈਣੀ ਹਿਯਾਤਪੁਰ , ਪ੍ਰਭਜੋਤ ਕੌਰ ਨਕੋਦਰ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *