November 21, 2024

ਫ਼ਿਰੋਜ਼ਪੁਰ, 12 ਜੂਨ(ਦ ਪੰਜਾਬ ਰਿਪੋਰਟ, ਕ੍ਰਿਸ਼ਨ ਜੈਨ) :-  ਜ਼ਿਲ੍ਹਾ ਸਿੱਖਿਆ ਅਫ਼ਸਰ (ਐ ਸਿ) ਰਾਜੀਵ ਛਾਬੜਾ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐ ਸਿੱ) ਸੁਖਵਿੰਦਰ ਸਿੰਘ ਦੀ ਰਹਿਨੁਮਾਈ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੁਮਨਦੀਪ ਕੌਰ ਦੀ ਅਗਵਾਈ ਹੇਠ ਅਤੇ ਸੈਂਟਰ ਹੈੱਡ ਟੀਚਰ ਰੂਹੀ ਬਜਾਜ ਦੇ ਸਹਿਯੋਗ ਨਾਲ ਸੈਂਟਰ ਰੁਕਨਾ ਬੇਗੂ ,ਬਲਾਕ ਫ਼ਿਰੋਜ਼ਪੁਰ-1 ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲ ਤੂਤ ਦੇ ਅਧਿਆਪਕਾਂ ਦੁਆਰਾ ਆਪਣੀ ਇੱਛਾ ਅਨੁਸਾਰ ਅਤੇ ਆਪਣੇ ਯਤਨਾਂ ਸਦਕਾ 7 ਰੋਜਾ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਆਖਰੀ ਦਿਨ ਯਾਦਗਾਰੀ ਹੋ ਨਿਬੜਿਆ, ਜਿਸ ਵਿਚ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਬੱਚਿਆਂ ਦੇ ਮਾਪਿਆਂ ਨੇ ਵੀ ਸ਼ਿਰਕਤ ਕੀਤੀ।

ਸਪਸ ਤੂਤ ਦੇ ਇੰਚਾਰਜ ਅਧਿਆਪਕ ਪੂਨਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਦੇ ਸਟਾਫ਼ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਜੂਨ 2022 ਗਰਮੀਆਂ ਦੀਆਂ ਛੁੱਟੀਆਂ ਵਿਚ ਸਵੈ ਇੱਛਤ ਸਮਰ ਕੈਂਪ ਲਗਇਆ ਗਿਆ। ਇਸ ਕੈਂਪ ਵਿੱਚ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ਼ ਨਾਲ਼ ਹੋਰ ਗਤੀਵਿਧੀਆਂ ਜਿਵੇਂ ਕਿ ਲਿਖਾਈ ਨੂੰ ਸੁੰਦਰ ਬਣਾਉਣਾ, ਮਿੱਟੀ ਦੇ ਖਿਡੌਣੇ ਬਣਾਉਣੇ, ਯੋਗਾ ਅਤੇ ਮੈਡੀਟੇਸ਼ਨ, ਵੱਖ ਵੱਖ ਤਰ੍ਹਾਂ ਦੇ ਡਾਂਸ, ਸਲਾਦ ਡੇਕੋਰੇਸ਼ਨ, ਪੇਪਰ ਕਟਿੰਗ, ਵੇਸਟ ਮਟੀਰੀਅਲ ਤੋਂ ਵੱਖ ਵੱਖ ਚੀਜਾਂ ਬਣਾਉਣਾ, ਡਰਾਇੰਗ ਤੇ ਪੇਂਟਿੰਗ ਆਦਿ ਈਵੈਂਟ ਕਰਵਾਏ ਗਏ। ਈਟੀਟੀ ਅਧਿਆਪਕ ਸੁਨੀਲ ਕੁਮਾਰ ਦੱਸਿਆ ਕਿ ਇਸ ਸਮਰ ਕੈਂਪ ਵਿਚ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਰਾਹੀਂ ਬੱਚੇ ਪੜ੍ਹਾਈ ਦੇ ਨਾਲ਼ ਨਾਲ਼ ਹੋਰ ਬਹੁਤ ਸਾਰੀਆਂ ਨਵੀਆਂ ਚੀਜਾਂ ਸਿੱਖਦੇ ਹਨ ਜੋ ਕੇ ਉਹਨਾਂ ਦੇ ਭਵਿੱਖ ਵਿੱਚ ਕੰਮ ਆਉਂਦੀਆਂ ਹਨ ਅਤੇ ਉਹਨਾਂ ਦੀ ਸਖਸ਼ੀਅਤ ਵਿੱਚ ਨਿਖਾਰ ਲਿਆਉਂਦੀਆਂ ਹਨ।

ਲਗਾਤਾਰ ਪੜ੍ਹਾਈ ਕਰਨ ਤੋਂ ਬਾਅਦ ਬੱਚੇ ਇਹੋ ਜਿਹੀਆਂ ਗਤੀਵਿਧੀਆਂ ਨੂੰ ਬੜੇ ਹੀ ਚਾਅ ਅਤੇ ਖੁਸ਼ੀ ਨਾਲ਼ ਕਰਦੇ ਅਤੇ ਸਿੱਖਦੇ ਹਨ। ਇਹਨਾਂ ਨਾਲ਼ ਬੱਚਿਆਂ ਦੀਆਂ ਛੁਪੀਆਂ ਹੋਈਆਂ ਪ੍ਰਤਿਭਾਵਾਂ ਸਾਹਮਣੇ ਆਉਂਦੀਆਂ ਹਨ। ਕੈਂਪ ਦੇ ਆਖਰੀ ਦਿਨ ਯੋਗਾ ਅਤੇ ਮੈਡੀਟੇਸ਼ਨ ਦੇ ਮੁਕਾਬਲੇ ਕਰਵਾਏ ਗਏ। ਸਕੂਲ ਦੇ ਅਧਿਆਪਕ ਚਰਨਜੀਤ ਸਿੰਘ ਨੇ ਦੱਸਿਆ ਬੱਚਿਆਂ ਵੱਲੋਂ ਬਣਾਏ ਗਏ ਸਮਾਨ ਤੇ ਮਿੱਟੀ ਦੇ ਖਿਡੌਣਿਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਬੱਚਿਆਂ ਵੱਲੋਂ ਡਾਂਸ ਦੀ ਪੇਸ਼ਕਾਰੀ ਵੀ ਕੀਤੀ ਗਈ।

ਅਧਿਆਪਕਾਂ ਦੁਆਰਾ ਕੈਂਪ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ ਅਤੇ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਸਮਰ ਕੈਂਪ ਵਿੱਚ ਅਜਿੰਦਰ ਸਿੰਘ ,ਰੇਸ਼ਮਾ ਰਾਣੀ ਤੇ ਸਮੂਹ ਆਂਗਣਵਾੜੀ ਵਰਕਰਾਂ ਨੇ ਵਿਸ਼ੇਸ਼ ਯੋਗਦਾਨ ਪਾਇਆ। ਬੱਚਿਆਂ ਦੇ ਮਾਪਿਆਂ ਵੱਲੋਂ ਸਮਰ ਕੈਂਪ ਲਗਾਉਣ ਦੇ ਕਾਰਜ ਸਬੰਧੀ ਅਧਿਆਪਕਾਂ ਦੀ ਸ਼ਲਾਘਾ ਕੀਤੀ ਗਈ।

Leave a Reply

Your email address will not be published. Required fields are marked *